Pages

Saturday, December 20, 2025

Rage Bait: ਨਫ਼ਰਤ ਦੀ ਅਰਥਵਿਵਸਥਾ

ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ ਡਿਜਿਟਲ ਅਰਥਵਿਵਸਥਾ ਲਗਭਗ ₹31.64 ਲੱਖ ਕਰੋੜ ਰੁਪਏ ਦਾ ਕਾਰੋਬਾਰ ਕਰ ਰਹੀ ਹੈ। ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ 2025 ਲਈ "Rage Bait" ਨੂੰ ਸਾਲ ਦਾ ਸ਼ਬਦ ਘੋਸ਼ਿਤ ਕੀਤਾ ਹੈ। ਇਹ ਉਹ ਆਨਲਾਈਨ ਸਮੱਗਰੀ ਹੁੰਦੀ ਹੈ ਜੋ ਜਾਣ-ਬੁਝ ਕੇ ਗੁੱਸਾ, ਨਾਰਾਜ਼ਗੀ ਜਾਂ ਰੋਸ ਪੈਦਾ ਕਰਦੀ ਹੈ, ਤਾਂ ਜੋ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਪੋਸਟਾਂ 'ਤੇ ਵੱਧ ਤੋਂ ਵੱਧ ਧਿਆਨ ਅਤੇ ਟ੍ਰੈਫਿਕ ਮਿਲ ਸਕੇ।

ਇਸ ਚੋਣ ਤੋਂ ਇਹ ਸਾਫ਼ ਹੁੰਦਾ ਹੈ ਕਿ ਡਿਜਿਟਲ ਦੁਨੀਆ ਵਿੱਚ ਨਕਾਰਾਤਮਕ ਭਾਵਨਾਵਾਂ ਨੂੰ ਭੜਕਾਉਣ ਵਾਲੀ ਸਮੱਗਰੀ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਇਸ ਨਾਲ ਸਾਡੀ ਆਨਲਾਈਨ ਤਕਰਾਰ ਵੀ ਵਧ ਰਹੀ ਹੈ। ਰਾਜਨੀਤੀ, ਫ਼ਿਲਮਾਂ, ਸੋਸ਼ਲ ਮੀਡੀਆ ਅਤੇ ਖ਼ਬਰਾਂ, ਸਭ Rage Bait ਰਾਹੀਂ Distraction Economy ਵਿਚੋਂ ਵੱਧ ਤੋਂ ਵੱਧ ਪੈਸਾ ਕਮਾਉਣ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਹਨ।

ਕੋਈ ਇਸ ਨਫ਼ਰਤ ਨੂੰ ਵੋਟਾਂ ਵਿੱਚ ਬਦਲੇਗਾ, ਕੋਈ ਇਸਨੂੰ ਤਾਕਤ ਬਣਾਏਗਾ। ਨਵੇਂ-ਨਵੇਂ ਧਾਰਮਿਕ ਨੇਤਾ ਇਸ ਗੁੱਸੇ ਨੂੰ ਆਪਣੇ ਫਾਲੋਅਰ ਬਣਾਉਣ ਲਈ ਵਰਤ ਰਹੇ ਹਨ ਅਤੇ ਫਿਰ ਉਸੇ ਭੀੜ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ। ਸਾਡੇ ਆਲੇ-ਦੁਆਲੇ ਬਣਦਾ ਨਕਾਰਾਤਮਕ ਮਾਹੌਲ ਇਸ ਦੀ ਖੁੱਲ੍ਹੀ ਮਿਸਾਲ ਹੈ।

ਟੁੱਟਦੇ ਰਿਸ਼ਤੇ, ਧਾਰਮਿਕ ਅਤੇ ਰਾਜਨੀਤਿਕ ਵਿਚਾਰ ਜੋ ਕਦੇ ਨਿੱਜੀ ਹੁੰਦੇ ਸਨ, ਅੱਜ ਮਾਰਕੀਟ ਵਾਂਗ ਸਮਾਜ ਵਿੱਚ ਵੇਚੇ ਜਾ ਰਹੇ ਹਨ। ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋ ਸਕਦਾ ਹੈ। ਇਸ ਲਈ ਚਾਹੇ ਰਾਜਨੀਤਿਕ ਪਾਰਟੀਆਂ ਹੋਣ, ਧਰਮ ਦੇ ਠੇਕੇਦਾਰ ਹੋਣ, ਫ਼ਿਲਮਾਂ ਜਾਂ ਖ਼ਬਰਾਂ ਵਾਲੇ, ਸਾਨੂੰ ਆਪਣੇ ਆਪ ਨੂੰ, ਆਪਣੇ ਸਮਾਜ ਨੂੰ ਅਤੇ ਆਪਣੇ ਦੇਸ਼ ਨੂੰ ਬਚਾਉਣ ਲਈ ਇਹਨਾਂ ਤੋਂ ਸਚੇਤ ਰਹਿ ਕੇ ਦੂਰੀ ਬਣਾਉਣੀ ਪਏਗੀ।

ਕੁੱਲ ਮਿਲਾ ਕੇ ਅੱਜ ਗੁੱਸਾ, ਨਫ਼ਰਤ ਅਤੇ ਡਰ ਵੀ ਇਕ ਕਾਰੋਬਾਰ ਬਣ ਚੁੱਕੇ ਹਨ। ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੱਚੇ ਜਜ਼ਬਾਤ ਕਿਸੇ Rage Bait ਦੀ ਬਲੀ ਨਾ ਚੜ੍ਹਣ ਦਈਏ।

ਧੁਰੰਧਰ ਫ਼ਿਲਮ ਇਸ ਦੀ ਤਾਜ਼ਾ ਮਿਸਾਲ ਹੈ। ਅਸੀਂ ਇਹ ਭੁੱਲ ਗਏ ਹਾਂ ਕਿ ਗੈਂਗਸਟਰ, ਗੁੰਡੇ, ਮਾੜੇ ਪੁਲਿਸ ਅਫ਼ਸਰ, ਦੋ ਦੇਸ਼ਾਂ ਦੀ ਨਫ਼ਰਤ, ਇਨ੍ਹਾਂ ਸਭ ਨਾਲ ਪੈਸਾ ਕਮਾਇਆ ਜਾ ਰਿਹਾ ਹੈ। ਜਾਣਦੇ ਹੋਏ ਵੀ ਅਸੀਂ ਇਸ ਦਾ ਹਿੱਸਾ ਬਣ ਗਏ ਹਾਂ। ਅਸੀਂ ਪੈਸੇ ਖ਼ਰਚ ਕੇ ਨਫ਼ਰਤ ਵੇਖਣ ਜਾ ਰਹੇ ਹਾਂ।

ਸਰਕਾਰਾਂ ਨੂੰ ਵੀ ਇਸ ਵਿੱਚ ਫਾਇਦਾ ਦਿਸਦਾ ਹੈ। ਲੋਕਤੰਤਰ ਨੂੰ ਚਲਾਉਣ ਬਾਰੇ ਨੋਅਮ ਚੌਮਸਕੀ ਨੇ ਕਿਹਾ ਸੀ ਕਿ "Necessary Illusion" ਜਰੂਰੀ ਹੁੰਦੀ ਹੈ। ਅੱਜ ਨਫ਼ਰਤ ਦੇਸ਼ ਚਲਾਉਣ ਅਤੇ ਲੋਕਾਂ ਨੂੰ ਵਿਅਸਤ ਰੱਖਣ ਦੇ ਕੰਮ ਆ ਰਹੀ ਹੈ। ਹੌਲੀ-ਹੌਲੀ ਹਰ ਚੀਜ਼ ਵੇਚੀ ਜਾ ਰਹੀ ਹੈ।

ਤੁਸੀਂ ਧੁਰੰਧਰ ਦੇਖੀ ਅਤੇ ਪਿੱਛੋਂ ਅਰਾਵਲੀ ਪਰਬਤਾਂ ਦਾ ਸੌਦਾ ਹੋ ਗਿਆ। ਜੇ ਜ਼ਿਆਦਾ ਰੌਲਾ ਪੈ ਗਿਆ ਤਾਂ ਜੰਗ ਦਾ ਡਰ ਦਿਖਾ ਦਿੱਤਾ ਜਾਵੇਗਾ। ਜਾਂਦੇ-ਜਾਂਦੇ 2025 ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ।

No comments:

Post a Comment