Tuesday, April 26, 2022

ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਏਗਾ ਧੂੰਮਾਂ, ਪੰਜਾਬ ਐਗਰੋ ਵੱਲੋਂ ਕੀਤੀ ਜਾਵੇਗੀ ਖਰੀਦ

ਯੈੱਸ ਪੰਜਾਬ
ਫਾਜ਼ਿਲਕਾ, 25 ਅਪ੍ਰੈਲ, 2022:
ਫਾਜ਼ਿਲਕਾ ਜ਼ਿਲ੍ਹੇ ਦੀਆਂ ਲਾਲ ਮਿਰਚਾਂ ਅਤੇ ਟਮਾਟਰ ਪ੍ਰੋਸੈਸਿੰਗ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਆਪਣੀ ਧਾਕ ਜਮਾਉਣਗੇ। ਫ਼ਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਪੰਜਾਬ ਐਗਰੋ ਜੂਸਿਜ਼ ਲਿਮਿਟਡ ਕਿਸਾਨਾਂ ਤੋਂ ਤਾਜ਼ੀਆਂ ਲਾਲ ਮਿਰਚਾਂ ਅਤੇ ਟਮਾਟਰ ਖਰੀਦੇਗਾ। ਪੰਜਾਬ ਐਗਰੋ ਵੱਲੋਂ ਇਹ ਖਰੀਦ ਪੰਜਾਬ ਐਗਰੋ ਦੇ ਅਬੋਹਰ ਨੇੜੇ ਸਥਿਤ ਆਲਮਗੜ੍ਹ ਪਲਾਂਟ ਵਿਖੇ ਕੀਤੀ ਜਾਵੇਗੀ। ਇਹ ਜਾਣਕਾਰੀ ਪਲਾਂਟ ਮੁਖੀ ਸ੍ਰੀ ਸ਼ੁਭਾਸ ਚੌਧਰੀ ਨੇ ਦਿੱਤੀ।

ਸ੍ਰੀ ਸ਼ੁਭਾਸ ਚੌਧਰੀ ਨੇ ਦੱਸਿਆ ਕਿ ਲਾਲ ਮਿਰਚਾਂ ਦੀ ਖਰੀਦ ਸਬੰਧੀ ਪੰਜਾਬ ਐਗਰੋ ਵੱਲੋਂ ਕਿਸਾਨਾਂ ਨਾਲ ਕੰਟਰੈਕਟ ਫਾਰਮਿੰਗ ਤਹਿਤ ਠੇਕਾ ਖੇਤੀ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਐਗਰੋ ਵੱਲੋਂ 15000 ਕੁਇੰਟਲ ਤਾਜ਼ੀਆਂ ਲਾਲ ਮਿਰਚਾਂ ਅਤੇ 21000 ਕੁਇੰਟਲ ਟਮਾਟਰ ਖਰੀਦ ਕੀਤੇ ਜਾਣੇ ਹਨ।

ਸਹਾਇਕ ਪ੍ਰਬੰਧਕ ਸ੍ਰੀ ਅਮਿਤ ਕੰਬੋਜ਼ ਨੇ ਦੱਸਿਆ ਕਿ ਸਾਲ 2022-23 ਲਈ ਪੰਜਾਬ ਐਗਰੋ ਪਲਾਂਟ ਅਬੋਹਰ ਵਿੱਚ ਮਿਰਚਾਂ ਦੀ ਚਟਣੀ ਬਣਾਉਣ ਲਈ ਤਾਜ਼ੀਆਂ ਤਿਆਰ, ਟੈਪੀ ਅਤੇ ਡੰਡੀ ਤੋਂ ਬਗੈਰ ਬਿਮਾਰੀ ਰਹਿਤ ਕੌੜੀਆਂ ਲਾਲ ਮਿਰਚਾਂ ਦੀ ਲੋੜ ਹੈ।

ਮਿਰਚ ਦੀਆਂ ਲੋੜੀਂਦੀਆਂ ਕਿਸਮਾਂ ਸੀ ਐਜ਼-27, ਸੀ ਐਜ਼ 01 ਅਤੇ ਹੋਰ ਕੌੜੀਆਂ ਕਿਸਮਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 18 ਰੁਪਏ ਪ੍ਰਤੀ ਕਿਲੋ ਸਮੇਤ ਡੰਡੀ ਅਤੇ ਟੋਪੀ ਪਹੁੰਚ ਦੇ ਆਧਾਰ ਤੇ ਸੀਤੋ ਗੁੰਨੋ/ਪੰਜਾਬ ਐਗਰੋ ਪਲਾਂਟ ਅਬੋਹਰ ਵਿਖੇ ਖਰੀਦ ਕੀਤੀ ਜਾਵੇਗੀ ਅਤੇ 24 ਰੁਪਏ ਪ੍ਰਤੀ ਕਿਲੋ ਬਿਨਾਂ ਡੰਡੀ ਅਤੇ ਟੋਪੀ ਪਹੁੰਚ ਦੇ ਆਧਾਰ ਤੇ ਪੰਜਾਬ ਐਗਰੋ ਪਲਾਂਟ ਅਬੋਹਰ ਵਿਖੇ ਖਰੀਦ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੂਰੀ ਤਰ੍ਹਾਂ ਪੱਕੇ ਗੂੜ੍ਹੇ ਲਾਲ ਰੰਗ ਦੇ ਟਮਾਟਰ ਪਹੁੰਚ ਦੇ ਆਧਾਰ ਤੇ ਪੰਜਾਬ ਐਗਰੋ ਅਬੋਹਰ ਵਿਖੇ ਖਰੀਦ ਕਰੇਗੀ। ਉਨ੍ਹਾਂ ਦੱਸਿਆ ਕਿ ਟਮਾਟਰ 5 ਰੁਪਏ ਪ੍ਰਤੀ ਕੁਇੰਟਲ ਪਹੁੰਚ ਦੇ ਆਧਾਰ ਤੇ ਖਰੀਦ ਕੀਤੇ ਜਾਣਗੇ।

ਇਸ ਸਬੰਧੀ ਚਾਹਵਾਨ ਕਿਸਾਨ ਪਲਾਂਟ ਮੁਖੀ ਸ੍ਰੀ ਸੁਭਾਸ਼ ਚੌਧਰੀ 9816050544 ਅਤੇ ਸਹਾਇਕ ਪ੍ਰਬੰਧਕ ਸ੍ਰੀ ਅਮਿਤ ਕੰਬੋਜ਼ 9478562582 ਤੇ ਸੰਪਰਕ ਕਰਕੇ ਇਸ ਸਬੰਧੀ ਜਾਣਕਾਰੀ ਲੈ ਸਕਦੇ ਹਨ।