ਕੋਈ ਸਮਾਂ ਸੀ ਕਿ ਲੋਕ ਤੁਰ ਕੇ ਹੀ ਯਾਤਰਾ ਕਰਦੇ ਸਨ ਜਾਂ ਕਿਤੇ ਵੀ ਜਾਣਾ ਹੋਵੇ ਤਾਂ ਪੈਦਲ ਹੀ ਜਾਂਦੇ ਸਨ। ਆਵਾਜਾਈ ਦੇ ਸਾਧਨ ਬਹੁਤ ਘੱਟ ਸਨ ਪਰ ਕਿਸੇ-ਕਿਸੇ ਅਮੀਰ ਆਦਮੀ ਕੋਲ ਘੋੜੀ ਹੁੰਦੀ ਸੀ। ਇਸ ਤਰ੍ਹਾਂ ਘੋੜੀ ਨੂੰ ਆਵਾਜਾਈ ਦਾ ਚੰਗਾ ਅਤੇ ਸ਼ਾਨੋ-ਸ਼ੌਕਤ ਵਾਲਾ ਸਾਧਨ ਮੰਨਿਆ ਜਾਂਦਾ ਸੀ ਪਰ ਘੋੜੀ ਰੱਖਣਾ ਹਰੇਕ ਆਦਮੀ ਦੇ ਵਸ ਦੀ ਗੱਲ ਨਹੀਂ ਸੀ ਕਿਉਂਕਿ ਘੋੜੀ ਰੱਖਣਾ ਇੱਕ ਮਹਿੰਗਾ ਸ਼ੌਕ ਮੰਨਿਆ ਜਾਂਦਾ ਸੀ। ਹੌਲੀ-ਹੌਲੀ ਜਦੋਂ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਉਣ ਲੱਗਿਆ ਤਾਂ ਘੋੜੀ ਰੱਖਣ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਗਿਆ ਪਰ ਪੰਜਾਬੀ ਦੀ ਕਹਾਵਤ- 'ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣ ਤੋਂ ਗਏ, ਲਿੱਦ ਚੱਕਣੀ ਪਈ' ਨੇ ਸੱਚ ਨੂੰ ਜ਼ਾਹਰ ਕਰਦਿਆਂ ਲੋਕਾਂ ਵਿੱਚ ਘੋੜੀ ਰੱਖਣ ਦਾ ਚਾਅ ਮੱਠਾ ਪਾ ਦਿੱਤਾ। ਮਸ਼ੀਨੀ ਯੁੱਗ ਦੀ ਸ਼ੁਰੂਆਤ ਨੇ ਜਦੋਂ ਸਾਈਕਲ ਦੀ ਕਾਢ ਨੂੰ ਜਨਮ ਦਿੱਤਾ ਤਾਂ ਪਿੰਡਾਂ ਵਿੱਚ ਟਾਂਵੇ-ਟਾਂਵੇ ਸਾਈਕਲ ਨਜ਼ਰ ਆਉਣ ਲੱਗੇ। ਸਮੇਂ ਦੇ ਨਾਲ-ਨਾਲ ਸਾਈਕਲ ਸੌਖਾ, ਸਸਤਾ ਅਤੇ ਹਰਮਨ-ਪਿਆਰਾ ਬਣਨ ਲੱਗਿਆ। ਸਾਈਕਲਾਂ ਦੀ ਗਿਣਤੀ ਵਧਦੀ ਗਈ।
1950-60 ਦੌਰਾਨ ਪਿੰਡਾਂ ਵਿੱਚ ਕਿਸੇ-ਕਿਸੇ ਦੇ ਘਰ ਸਾਈਕਲ ਹੋਇਆ ਕਰਦਾ ਸੀ ਪਰ ਬੱਚੇ ਇਸ ਦਾ ਖ਼ੂਬ ਆਨੰਦ ਮਾਨਣਾ ਚਾਹੁੰਦੇ ਸਨ। ਦੂਰ-ਦੁਰਾਡੇ ਜਾਣ ਲਈ ਵੀ ਸਾਈਕਲ ਦੀ ਵਰਤੋਂ ਕੀਤੀ ਜਾਣ ਲੱਗ ਪਈ। ਜਿਉਂ-ਜਿਉਂ ਪਿੰਡਾਂ ਵਿੱਚ ਪੜ੍ਹਾਈ ਅਤੇ ਕਮਾਈ ਲਈ ਜਾਗਰੂਕਤਾ ਵਧਦੀ ਗਈ, ਸਾਈਕਲਾਂ ਦੀ ਗਿਣਤੀ ਵੀ ਵਧਦੀ ਗਈ। ਪਿੰਡਾਂ ਵਿੱਚ ਸੜਕਾਂ ਦੇ ਕਿਨਾਰੇ ਵੱਡੇ ਰੁੱਖਾਂ ਹੇਠਾਂ ਸਾਈਕਲ ਮੁਰੰਮਤ ਕਰਨ ਵਾਲੇ ਆਮ ਨਜ਼ਰ ਆਉਣ ਲੱਗ ਪਏ। ਸਮੇਂ ਨੇ ਕਰਵਟ ਲਈ। ਸਾਈਕਲਾਂ ਦੀ ਥਾਂ ਸਕੂਟਰਾਂ, ਮੋਟਰਸਾÂਕੀਲਾਂ ਅਤੇ ਕਾਰਾਂ ਦੀ ਭਰਮਾਰ ਹੋ ਗਈ। ਮੱਧ ਵਰਗ ਦੇ ਲੋਕਾਂ ਦੇ ਘਰ ਸਕੂਟਰ ਅਤੇ ਅਮੀਰਾਂ ਘਰਾਂ ਵਿੱਚ ਕਾਰਾਂ ਦੀ ਗਿਣਤੀ ਵਧਦੀ ਗਈ ਅਤੇ ਸਾਈਕਲ ਤੋਂ ਲੋਕ ਨੱਕ ਵੱਟਣ ਲੱਗ ਪਏ। ਸਾਈਕਲ ਗ਼ਰੀਬ ਘਰਾਂ ਤਕ ਹੀ ਸੀਮਤ ਹੋ ਗਿਆ। ਅਜੋਕੇ ਸਮਾਜ ਵਿੱਚ ਸਾਈਕਲ ਨੂੰ ਆਵਾਜਾਈ ਦਾ ਘਟੀਆ ਸਾਧਨ ਮੰਨਿਆ ਜਾਣ ਲੱਗਿਆ ਅਤੇ ਪੜ੍ਹਿਆ-ਲਿਖਿਆ ਤਬਕਾ ਸਾਈਕਲ ਚਲਾਉਣ ਵਿੱਚ ਆਪਣੀ ਬੇਇੱਜ਼ਤੀ ਸਮਝਣ ਲੱਗ ਪਿਆ। ਜੇ ਅਸੀਂ ਅੱਜ-ਕੱਲ੍ਹ ਦੇ ਨੌਜਵਾਨਾਂ ਦੀ ਗੱਲ ਕਰੀਏ ਤਾਂ ਕੋਈ ਸਾਈਕਲ ਚਲਾਉਣ ਨੂੰ ਬਿਲਕੁਲ ਪਸੰਦ ਨਹੀਂ ਕਰਦਾ ਸਗੋਂ ਮਹਿੰਗੇ ਤੋਂ ਮਹਿੰਗੇ ਮੋਟਰਸਾਈਕਲ/ਸਕੂਟਰ ਅਤੇ ਕਾਰਾਂ ਦੀ ਸਵਾਰੀ ਨੂੰ ਹੀ ਕਰਨਾ ਲੋਚਦੇ ਹਨ। ਨਤੀਜਾ ਇਹ ਹੋਇਆ ਕਿ ਘਰਾਂ ਵਿੱਚ ਪਏ ਸਾਈਕਲ ਕਬਾੜ ਦਾ ਸਾਮਾਨ ਬਣਨ ਲੱਗੇ ਅਤੇ ਕੇਵਲ ਸਾਈਕਲ ਦੀ ਦੁਕਾਨ 'ਤੇ ਬੱਚਿਆਂ ਦੇ ਖਿਡੌਣੇ ਦੇ ਰੂਪ ਵਿੱਚ ਨਜ਼ਰ ਆਉਣ ਲੱਗ ਪਏ ਪਰ ਧੰਨ ਹਨ ਉਹ ਲੋਕ ਜਿਹੜੇ ਅੱਜ ਵੀ ਸਾਈਕਲ ਚਲਾਉਂਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਾਈਕਲ ਤੋਂ ਸਸਤੀ ਕੋਈ ਸਵਾਰੀ ਨਹੀਂ ਹੈ। ਇਸ ਨੂੰ ਕੱਚੇ, ਪੱਕੇ ਅਤੇ ਤੰਗ ਰਸਤਿਆਂ ਦੀ ਪਰਵਾਹ ਨਹੀਂ। ਸਾਈਕਲ ਪੈਟਰੋਲ ਜਾਂ ਡੀਜ਼ਲ ਵੀ ਨਹੀਂ ਮੰਗਦਾ। ਬਸ, ਥੋੜ੍ਹੀ ਜਿਹੀ ਮੁਰੰਮਤ ਨਾਲ ਵਧੀਆ ਬੁੱਤਾ ਸਾਰ ਜਾਂਦਾ ਹੈ। ਦੂਜੀ ਗੱਲ ਰਹੀ ਸਰੀਰਕ ਪੱਖੋਂ ਤੰਦਰੁਸਤ ਰਹਿਣ ਦੀ, ਕਿਹਾ ਜਾਂਦਾ ਹੈ ਕਿ ਜਿਹੜੇ ਲੋਕ ਬਹੁਤ ਸਾਈਕਲ ਚਲਾਉਂਦੇ ਹਨ, ਉਹ ਸਦਾ ਤੰਦਰੁਸਤ ਰਹਿੰਦੇ ਹਨ ਅਤੇ ਖ਼ਾਸ ਕਰਕੇ ਲੱਤਾਂ-ਬਾਹਾਂ ਜਾਂ ਗੋਡਿਆਂ ਦੇ ਦਰਦ ਉਨ੍ਹਾਂ ਨੂੰ ਕਦੇ ਵੀ ਤੰਗ ਨਹੀਂ ਕਰਦੇ। ਇੱਥੋਂ ਤਕ ਕੇ ਜੋੜਾਂ ਦੇ ਦਰਦ ਵਾਲੇ ਮਰੀਜ਼ਾਂ ਨੂੰ ਡਾਕਟਰ ਸਾਈਕਲ ਚਲਾਉਣ ਦੀ ਨਸੀਹਤ ਦਿੰਦੇ ਹਨ। ਸ਼ਹਿਰਾਂ ਵਿੱਚ ਜਿਹੜੇ ਲੋਕ ਸਾਈਕਲ ਚਲਾਉਣ ਦੇ ਆਦੀ ਨਹੀਂ ਹਨ, ਉਨ੍ਹਾਂ ਨੇ ਆਪਣੇ ਘਰਾਂ ਵਿੱਚ ਹਰ ਰੋਜ਼ ਦੀ ਵਰਜ਼ਿਸ਼ ਲਈ ਸਥਿਰ ਸਾਈਕਲ ਰੱਖੇ ਹੋਏ ਹਨ ਪਰ ਕਿੰਨਾ ਚੰਗਾ ਹੋਵੇ ਜੇ ਉਹ ਸਾਈਕਲ ਦੀ ਕੁਦਰਤੀ ਸਵਾਰੀ ਕਰਨ ਅਤੇ ਆਪਣੇ ਸਰੀਰ ਨੂੰ ਸਦਾ ਫਿੱਟ ਰੱਖਣ।
ਕੁਝ ਸਮਾਜ ਸੇਵੀ ਸੰਸਥਾਵਾਂ ਨੇ ਸਾਈਕਲ ਚਲਾਉਣ ਦਾ ਪ੍ਰਚਾਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ। ਚੰਡੀਗੜ੍ਹ ਦੀ ਇੱਕ ਸੰਸਥਾ ਇਸ ਮਾਮਲੇ ਵਿੱਚ ਕਾਫ਼ੀ ਚੰਗਾ ਕੰਮ ਕਰ ਰਹੀ ਹੈ। ਇਸ ਸੰਸਥਾ ਦੇ ਬਾਨੀ ਸਕੂਲਾਂ, ਕਾਲਜਾਂ ਅਤੇ ਆਮ ਲੋਕਾਂ ਵਿੱਚ ਸਾਈਕਲ ਚਲਾਉਣ ਦੀ ਪ੍ਰਵਿਰਤੀ ਦਾ ਪ੍ਰਚਾਰ ਕਰਨ ਵਿੱਚ ਲੱਗੇ ਰਹਿੰਦੇ ਹਨ। ਕਈ ਵਾਰ ਪੈਟਰੋਲੀਅਮ ਪਦਾਰਥਾਂ ਦੀ ਬਚਤ ਕਰਨ ਲਈ ਲੋਕਾਂ ਨੂੰ ਚੁਕੰਨੇ ਕਰਨ ਲਈ ਸਰਕਾਰੀ ਮਹਿਕਮੇ ਵੀ ਸਾਈਕਲ ਚਲਾਉਣ ਲਈ ਲੋਕਾਂ ਨੂੰ ਉਤਸ਼ਾਹਤ ਕਰਦੇ ਹਨ। ਸਕੂਲਾਂ, ਕਾਲਜਾਂ ਵਿੱਚ ਇਸ ਮੰਤਵ ਲਈ ਲੇਖ ਜਾਂ ਪੇਂਟਿੰਗ ਮੁਕਾਬਲੇ ਕਰਵਾਏ ਜਾਂਦੇ ਹਨ।
ਸਾਈਕਲ ਦੀ ਸਵਾਰੀ ਹਰ ਪੱਖੋਂ ਸਹੀ ਅਤੇ ਘੱਟ ਖਰਚਾ, ਘੱਟ ਦੇਖਭਾਲ ਅਤੇ ਤੰਦਰੁਸਤੀ ਦੇਣ ਵਾਲੀ ਹੈ। ਸਾਈਕਲ ਪਾਰਕਿੰਗ ਵੀ ਸਮੱਸਿਆ ਦਾ ਕਾਰਨ ਵੀ ਨਹੀਂ ਬਣਦੇ ਅਤੇ ਪਗਡੰਡੀਆਂ 'ਤੇ ਵੀ ਚੱਲ ਕੇ ਆਪਣੇ ਸਵਾਰ ਨੂੰ ਮੰਜ਼ਿਲ 'ਤੇ ਪਹੁੰਚਾਉਂਦੇ ਹਨ ਤਾਂ ਫਿਰ ਕਿਉਂ ਨਾ ਅਸੀਂ ਵੀ ਪ੍ਰਣ ਲਈਏ ਕਿ ਸਾਈਕਲ ਦੀ ਸਵਾਰੀ ਕਰੀਏ ਅਤੇ ਆਪਣੇ ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖੀਏ।
-ਬਹਾਦਰ ਸਿੰਘ ਗੋਸਲ
* ਸੰਪਰਕ: 98764-52223
No comments:
Post a Comment