ਹਰਦੇਵ ਗਿੱਲਪਤੀ ਸੇਖਵਾਂ
ਜਿਵੇਂ ਸਾਡਾ ਭਾਰਤ ਦੇਸ਼ ਤਰੱਕੀ ਕਰਦਾ ਜਾ ਰਿਹਾ ਹੈ, ਉਸੇ ਤਰੱਕੀ ਵਿੱਚ ਦੁਨੀਆਂ, ਚੰਦ, ਸੂਰਜ, ਪੁਲਾੜ ਤੇ ਪਹੁੰਚ ਚੁੱਕੀ ਹੈ। ਮੋਬਾਇਲ ਫੋਨ ਰਾਹੀਂ ਹਰ ਆਦਮੀ ਜਿੱਥੇ ਮਰਜ਼ੀ ਬੈਠਾ ਹੋਵੇ, ਦੂਸਰੇ ਆਦਮੀ ਨਾਲ ਸੰਪਰਕ ਕਰ ਸਕਦਾ ਹੈ, ਜਿਵੇਂ ਜਹਾਜ਼ਾਂ, ਟਰੇਨਾਂ, ਗੱਡੀਆਂ, ਕਾਰਾਂ-ਸਟੋਰਾਂ, ਮੋਟਰਾਂ ਦੇ ਰੰਗ ਢੰਗ ਬਦਲ ਚੁੱਕੇ ਹਨ, ਉਸੇ ਤਰ੍ਹਾਂ ਰਿਕਸ਼ਿਆਂ ਦਾ ਵੀ ਨਵੀਨੀਕਰਨ, ਸ਼ਹਿਰੀਕਰਨ ਹੋ ਚੁੱਕਾ ਹੈ। ਸ਼ਹਿਰੀ ਯੋਜਨਾਕਾਰਾਂ ਅਤੇ ਟਰਾਂਸਪੋਰਟ ਯੋਜਨਾਕਾਰਾਂ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਸਾਇਕਲ, ਰਿਕਸ਼ਾ, ਟਰਾਂਸਪੋਰਟ ਦਾ ਸਾਧਨ ਬਣ ਸਕੇਗਾ, ਫਿਰ ਵੀ ਗਰੀਬ ਆਦਮੀ ਦੀ ਕਾਰ ਨੇ ਉਨ੍ਹਾਂ ਲੋਕਾਂ ਦਾ ਧਿਆਨ ਖਿੱਚਿਆ ਜੋ ਵਾਤਾਵਰਣ ਪੱਖੀ ਤੇ ਸਸਤੀ ਆਵਾਜਾਈ ਸਾਧਨ ਦੀ ਤਲਾਸ਼ ਕਰਨ ਵਿੱਚ ਲੱਗੇ ਹੋਏ ਸੀ ਤੇ ਇਸੇ ਬਹਾਨੇ ਛੋਟੇ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਵਰਤਿਆ ਜਾ ਸਕੇ। ਇਸ ਦੀ ਤਕਨੀਕ ਪੁਰਾਣੇ ਸਾਈਕਲ ਵਰਗੀ ਹੈ। ਇਹ ਰਿਕਸ਼ੇ ਖਰੀਦਣ ਲਈ ਪੈਸੇ ਦਾ ਪ੍ਰਬੰਧ ਖਰੀਦਦਾਰ ਨੂੰ ਇੱਧਰੋਂ-ਉੱਧਰੋਂ ਹੀ ਕਰਨਾ ਪੈਂਦਾ ਰਿਹਾ ਹੈ। ਬੈਂਕਾਂ ਤੋਂ ਇਸ ਵਾਸਤੇ ਕਰਜਾ ਲੈ ਜਾਣ ਦੀ ਕੋਈ ਵਿਵਸਥਾ ਨਹੀਂ। ਹਾਲਾਂਕਿ ਇਹ ਦੇਸ਼ ਭਰ ਵਿੱਚ ਲੱਖਾਂ ਲੋਕਾਂ ਨੂੰ ਰੋਜੀ ਰੋਟੀ ਮੁੱਹਈਆ ਕਰਵਾ ਰਿਹਾ ਹੈ। ਵਿਡੰਬਨਾ ਇਹ ਹੈ ਕਿ ਭਾਰਤ ਵਿੱਚ ਬਣਿਆ ਇਹ ਵਾਹਨ ਬਰਤਾਨੀਆ ਤੇ ਕਈ ਹੋਰ ਦੇਸ਼ਾਂ ਨੂੰ ਵੀ ਭੇਜਿਆ ਜਾ ਰਿਹਾ ਹੈ। ਸਾਈਕਲ ਰਿਕਸ਼ਾ ਖਰੀਦਣ ਦੀ ਪਹੁੰਚ ਵਿੱਚ ਹੋਣ ਦੀ ਬਦੌਲਤ ਇਹ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ਤੇ ਆਮ ਚੱਲਦਾ ਵੇਖਿਆ ਜਾਂਦਾ ਹੈ, ਫਿਰ ਵੀ ਇਸ ਦੇ ਚਾਲਕਾਂ ਨੂੰ ਸੜਕਾਂ ਤੇ ਇਸ ਨੂੰ ਚਲਾਉਂਦਿਆਂ ਕਾਫੀ ਸਰੀਰਕ ਕਸ਼ਟ ਝੱਲਣਾ ਪੈਂਦਾ ਹੈ।
ਸਰਹੱਦੀ ਸ਼ਹਿਰ ਫਾਜਿਲਕਾ ਨੇ ਵਾਤਾਵਰਨ ਪੱਖੀ ਇਸ ਵਾਹਨ ਨੂੰ ਬੜੇ ਜੋਸ਼ ਨਾਲ ਅਪਣਾਇਆ। ਹੋਰ ਸ਼ਹਿਰਾਂ ਵਿੱਚ ਵੀ ਇਹ ਵਾਹਨ ਕਈਆਂ ਨੇ ਖਰੀਦਿਆ। ਈਕੋਕੈਬ, ਜੋ ਕਿ ਪ੍ਰਦੂਸ਼ਣ ਰਹਿਤ ਵਾਨ ਹੈ ਨੂੰ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜਿਲਕਾ ਵੱਲੋਂ 2009 ਦੇ ਸ਼ੁਰੂ ਵਿੱਚ ਵਿਕਸਤ ਕੀਤਾ ਗਿਆ। ਇਹ ਆਉਣ ਵਾਲੇ ਕੁੱਝ ਸਾਲਾਂ ਵਿੱਚ ਪੰਜਾਬ ਤੇ ਹਰਿਆਣਾ ਦੇ ਲੱਗਭੱਗ ਸਾਰੇ ਸ਼ਹਿਰਾਂ ਵਿੱਚ ਚੱਲਣ ਲੱਗ ਪਵੇਗਾ। ਪੰਜਾਬ ਨੇ ਨਵੰਬਰ 2010 ਵਿੱਚ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਲੱਗੇ ਕੌਮਾਂਤਰੀ ਵਪਾਰ ਮੇਲੇ ਵਿੱਚ ਇਹ ਵਾਹਨ ਆਪਣੇ ਮੰਡਪ ਵਿੱਚ ਸ਼ਾਮਲ ਕੀਤਾ। ਪਟਿਆਲਾ ਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੇ ਲੱਕੜ ਤੇ ਸਟੀਲ ਦੇ ਬਣੇ ਰਿਕਸ਼ੇ ਦੇ ਆਧੁਨਿਕ ਰੂਪ ਨੂੰ
ਆਪਣੇ ਤਰੀਕੇ ਨਾਲ ਅਪਣਾਇਆ। ਰਾਜ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਨੂੰ ਕਿਹਾ ਹੈ ਕਿ ਉਹ ਈਕੋ-ਕਲੱਬ ਦੇ ਫਾਜਿਲਕਾ ਮਾਡਲ ਦਾ ਅਧਿਐਨ ਕਰਨ ਤੇ ਵੇਖਣ ਕਿ ਕੀ ਉਹ ਆਪਣੇ ਸ਼ਹਿਰਾਂ ਵਿੱਚ ਇਸ ਨੂੰ ਅਪਣਾ ਸਕਦੇ ਹਨ? ਸਾਲ 2006 ਵਿੱਚ ਮਾਰਚ ਦੇ ਆਖਰੀ ਹਫਤੇ ਗ੍ਰੈਜੂਏਟ ਵੈਲਫੇਅਰ ਐਸੋਸੀਏਸ਼ਨ ਫਾਜਿਲਕਾ ਨੇ ਫਾਜਿਲਕਾ ਹੈਰੀਟੇਜ ਫੈਸਟੀਵਲ ਕਰਵਾਇਆ।
ਸਾਧੂ ਆਸ਼ਰਮ ਰੋਡ ਤੋਂ 300 ਮੀਟਰ ਦੇ ਖੇਤਰ ਵਿੱਚ ਪੈਦਲ ਚੱਲਣ ਵਾਸਤੇ ਇੱਕ ਗਲੀ ਬਣਾਈ। ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਜੇ ਗਲੀਆਂ ਵਿੱਚ ਕਾਰਾਂ ਨਾ ਚੱਲਣ ਤਾਂ ਨਾ ਸਿਰਫ ਲੋਕਾਂ ਦੇ ਜੀਵਨ ਮਿਆਰ ਵਿੱਚ ਹੀ ਸੁਧਾਰ ਹੋਵੇਗਾ, ਸਗੋਂ ਅਮਨ ਕਾਨੂੰਨ ਵੀ ਕਾਇਮ ਰੱਖਿਆ ਜਾ ਸਕੇਗਾ। ਕਾਰਾਂ ਨਾ ਚੱਲਣ ਕਰਕੇ ਹਵਾ ਘੱਟ ਪ੍ਰਦੂਸ਼ਿਤ ਹੋਵੇਗੀ, ਖਰਚਾ ਘਟੇਗਾ ਤੇ ਸੜਕਾਂ ਤੇ ਆਵਾਜਾਈ ਸੁਰੱਖਿਅਤ ਹੋਵੇਗੀ। ਮਕੈਨੀਕਲ ਇੰਜੀਨੀਅਰਿੰਗ ਦੇ ਸੇਵਾ ਮੁਕਤ ਪ੍ਰੋਫੈਸਰ ਭੁਪਿੰਦਰ ਸਿੰਘ, ਜੋ ਇਸ ਪ੍ਰਾਜੈਕਟ ਦੇ ਸੰਸਥਾਪਕ ਹਨ ਨੇ ਕਿਹਾ ਕਿ ਜੇਕਰ ਸੜਕਾਂ ਤੇ ਕਾਰਾਂ ਨਾ ਚੱਲਣ ਤਾਂ ਸੜਕਾਂ ਤੇ ਹਰੇਕ ਲਈ ਕਾਫੀ ਵਾਧੂ ਰਾਹ ਬੱਚ ਜਾਵੇਗਾ। ਸੜਕਾਂ ਦੁਆਲੇ ਹਰ ਤਰ੍ਹਾਂ ਦੀਆਂ ਸਟਾਲਾਂ ਲੱਗੀਆਂ ਹੁੰਦੀਆਂ ਹਨ, ਜਿਨ੍ਹਾਂ ਤੇ ਖਾਣ-ਪੀਣ ਦੀਆਂ ਵਸਤਾਂ ਤੋਂ ਲੈ ਕੇ ਦਸਤਕਾਰੀ ਵਸਤਾਂ ਵਿਕਦੀਆਂ ਹਨ ਜਦਕਿ ਗਲੀਆਂ ਵਿੱਚ ਕਿਸੇ ਹਾਦਸੇ ਦੇ ਡਰ ਤੋਂ ਮੁਕਤ ਹੋ ਕੇ ਲੋਕ ਖੁੱਲ੍ਹੇਆਮ ਘੁੰਮ ਫਿਰ ਸਕਦੇ ਹਨ।
ਸ਼ਹਿਰੀ ਜੀਵਨ ਦੀ ਗਤੀ ਅਤੇ ਦੂਰੀਆਂ ਵੱਧਣ ਕਾਰਨ ਅਸੀਂ ਤੇਜ਼ ਰਫਤਾਰ ਵਾਲੇ ਵਾਹਨ ਜਿਵੇਂ ਕਿ ਕਾਰਾਂ ਰਾਹੀਂ ਸਫਰ ਕਰਨ ਨੂੰ ਤਰਜੀਹ ਦੇਣ ਲੱਗੇ ਹਾਂ ਭਾਵੇਂ ਸਾਡਾ ਸਫਰ ਬਹੁਤ ਲੰਬਾ ਵੀ ਨਾ ਹੋਵੇ। ਸਿੱਟੇ ਵੱਜੋਂ ਭੀੜ ਭੜਕਾ ਤੇ ਪ੍ਰਦੂਸ਼ਣ ਵੱਧਦਾ ਹੈ। ਫਾਜਿਲਕਾ ਵਿੱਚ ਤੁਸੀਂ ਫੋਨ ਕਰਕੇ 10 ਮਿੰਟ ਦੇ ਵਿੱਚ-ਵਿੱਚ ਰਿਕਸ਼ਾ ਆਪਣੇ ਘਰ ਬੁਲਾ ਸਕਦੇ ਹੋ। ਪੰਜਾਬ ਦੇ ਸਾਰੇ ਡੀ.ਸੀ. ਸਾਹਿਬਾਨਾਂ ਜਿਨ੍ਹਾਂ ਵਿੱਚ ਸੰਗਰੂਰ ਬਰਨਾਲਾ ਆਦਿ ਹੋਰ ਜ਼ਿਲ੍ਹਿਆਂ ਦੇ ਡੀ.ਸੀ. ਸਾਹਿਬਾਨਾਂ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਅਤੇ ਲੋੜਵੰਦਾਂ ਨੂੰ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਚਲਾਉਣ ਲਈ ਡੀ.ਸੀ. ਆਈ ਸਕੀਮ ਤਹਿਤ ਸਸਤੀਆਂ ਵਿਆਜ ਦਰਾਂ ਤੇ ਬਿਨਾਂ ਕਿਸੇ ਸਕਿਓਰਟੀ ਤੇ 11 ਈਕੋ ਕੈਬ ਰਿਕਸ਼ਿਆਂ ਨੂੰ ਹਰੀ ਝੰਡੀ ਦਿੱਤੀ। ਇਨ੍ਹਾਂ ਰਿਕਸ਼ਿਆਂ ਵਿੱਚ ਆਮ ਰਿਕਸ਼ਿਆਂ ਨਾਲੋਂ ਵੱਧ ਸਵਾਰੀ ਬੈਠਿਆ ਕਰੇਗੀ। ਇਸ ਰਿਕਸ਼ੇ ਦਾ ਵਜਨ 30 ਕਿਲੋ ਤੋਂ ਘੱਟ ਹੈ। ਰਿਕਸ਼ਾ ਚਾਲਕ ਦੀ ਸੁਵਿਧਾ ਅਤੇ ਮਾਲੀ ਹਾਲਤ ਨੂੰ ਵੇਖਦਿਆਂ ਬੈਂਕ ਵੱਲੋਂ 300 ਰੁਪਏ ਮਹੀਨਾ ਕਿਸ਼ਤ ਤੇ ਇਹ ਈਕੋ ਕੈਬ ਰਿਕਸ਼ੇ ਮੁੱਹਈਆ ਕਰਵਾਏ ਗਏ ਹਨ। ਤਿੰਨ ਸਾਲ ਤੱਕ ਕਿਸ਼ਤ ਦੇਣ ਤੋਂ ਬਾਅਦ ਰਿਕਸ਼ਾ ਚਾਲਕ ਇਨ੍ਹਾਂ ਦੇ ਮਾਲਕ ਬਣ ਜਾਣਗੇ। ਇਸੇ ਸਕੀਮ ਤਹਿਤ ਰਿਕਸ਼ਾ ਚਾਲਕਾਂ ਦਾ ਆਮ ਆਦਮੀ ਬੀਮਾ ਯੋਜਨਾ ਤਹਿਤ ਦੁਰਘਟਨਾ ਬੀਮਾ ਕਰਵਾਇਆ ਜਾਵੇਗਾ ਜੋ ਕਿ 200 ਰੁਪਏ ਦਾ ਹੋਵੇਗਾ। ਜਿਸ ਵਿੱਚ ਸਰਕਾਰ ਵੱਲੋਂ 100 ਰੁਪਏ ਅਤੇ 100 ਰੁਪਏ ਰਿਕਸ਼ਾ ਚਾਲਕ ਵੱਲੋਂ ਪਾਏ ਜਾਣਗੇ। ਸੜਕ ਦੁਰਘਟਨਾ ਵਿੱਚ ਮਾਰੇ ਜਾਣ ਤੇ ਰਿਕਸ਼ਾ ਚਾਲਕ ਦੇ ਵਾਰਸ ਨੂੰ 75 ਹਜ਼ਾਰ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਜਾਵੇਗੀ। ਬੀ.ਐੱਸ.ਐੱਨ.ਐੱਲ. ਵੱਲੋਂ ਇਨ੍ਹਾਂ ਰਿਕਸ਼ਾ ਚਾਲਕਾਂ ਨੂੰ ਮੁਫਤ ਮੋਬਾਇਲ ਸਿੱਖ ਮੁੱਹਈਆ ਸਿਮ ਮੁੱਹਈਆ ਕਰਵਾਏ ਜਾ ਰਹੇ ਹਨ। ਰਿਕਸ਼ਾ ਚਾਲਕਾਂ ਨੂੰ ਵਰਦੀ, ਬੂਟ, ਮੈਡੀਕਲ ਜਾਂਚ ਅਤੇ ਹੋਰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਕਦਮ ਸਰਕਾਰ ਵੱਲੋਂ ਚੁੱਕੀਆਂ ਬਹੁਤ ਵਧੀਆ ਕੰਮ ਹੈ, ਜਿਸ ਨਾਲ ਗਰੀਬ ਬੇਰੁਜ਼ਗਾਰ ਅਤੇ ਹੋਰ ਪੱਛੜੇ ਵਰਗ ਦੇ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਮੁੱਹਈਆ ਹੋਵੇਗਾ, ਉੱਥੇ ਹੀ ਸਾਡੇ ਦੇਸ਼ ਵਿੱਚ ਇੱਕ ਨਵੀਂ ਤਕਨੀਕ ਕਾਰਨ ਚੰਗੀ ਚੀਜ਼ ਦੀ ਵਰਤੋਂ ਵੀ ਚੰਗੇ ਢੰਗ ਤਰੀਕੇ ਨਾਲ ਹੋਵੇਗੀ।
ਸਾਰੇ ਡਿਪਟੀ ਕਮਿਸ਼ਨਰਾਂ ਇਹ ਕੰਮ ਤਿੰਨ ਮਹੀਨੇ ਦੇ ਅੰਦਰ-ਅੰਦਰ ਕਰਨਾ ਪਵੇਗਾ। ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਇਸ ਸਕੀਮ ਲਈ ਡਿਪਟੀ ਕਮਿਸ਼ਨਰਾਂ ਨੂੰ ਵਿੱਤੀ ਮੱਦਦ ਵੀ ਦੇਵੇਗਾ। ਪੰਜਾਬ ਸੈਰ-ਸਪਾਟਾ ਵਿਭਾਗ ਦੀ ਪਿਛਲੇ 130 ਸਾਲਾਂ ਦੌਰਾਨ ਰਿਕਸ਼ੇ ਦੀ ਬਣਤਰ ਵਿੱਚ ਆਈਆਂ ਤਬਦੀਲੀਆਂ ਬਾਰੇ ਇੱਕ ਅਜਾਇਬ ਘਰ ਸਥਾਪਤ ਕਰਨ ਦੀ ਵੀ ਯੋਜਨਾ ਹੈ। ਇਹ ਇੱਕ ਬਹੁਤ ਵਧੀਆ ਰਵਾਇਤ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਸੌਖਾ ਕਰਨ ਲਈ ਮੋਬਾਇਲ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਰਿਕਸ਼ੇ ਮੋਬਾਇਲ ਤੇ ਹੀ ਮੁੱਹਈਆ ਕਰਵਾਏ ਜਾਣ ਜੋ ਪੰਜਾਬ ਦੀ ਤਰੱਕੀ ਲਈ ਅਗਲਾ ਵੱਡਾ ਕਦਮ ਹੋਵੇਗਾ।
No comments:
Post a Comment