Thursday, December 16, 2010

ਦੇਸ਼ ਦੀ ਵੰਡ ਸਮੇਂ ਜਦੋਂ ਵਾਰਿਸ ਸ਼ਾਹ ਦਾ ਮਲਕਾ ਹਾਂਸ ਲਵਾਰਿਸ ਹੋਇਆ : India Pakistan Partition 1947: Journey from Malika Hans to Fazilka

'ਦੋਆਬਾ ਹੈਡਲਾਈਨਜ਼' ਦੇ 15 ਅਗਸਤ 2009 ਦੇ ਅਜ਼ਾਦੀ ਦਿਵਸ ਮੌਕੇ ਛਪੇ ਵਿਸ਼ੇਸ਼ ਐਡੀਸ਼ਨ ਵਿੱਚ ਮੈਂ ਆਪਣੀ ਜਨਮ ਭੂਮੀ ਮਲਕਾ ਹਾਂਸ ਤਹਿਸੀਲ ਪਾਕਪਟਨ, ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਨੂੰ ਦੇਸ਼ ਦੀ ਵੰਡ ਸਮੇਂ ਕਿਵੇਂ ਛੱਡਿਆ, ਮਲਕਾ ਹਾਂਸ ਸਬੰਧੀ ਕੁਝ ਯਾਦਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ ਸਨ।

ਜਿਨ੍ਹਾਂ ਨੂੰ ਪੜ੍ਹ ਕੇ ਪ੍ਰਸਿੱਧ ਲੇਖਕ ਡਾ. ਜਗਤਾਰ ਦਾ ਜਲੰਧਰ ਤੋਂ ਫੋਨ ਆਇਆ ਕਿ ਉਹ ਆਪਣੇ ਸਫਰਨਾਮੇ ਸਬੰਧੀ ਜਾਣਕਾਰੀ ਲੈਣ ਲਈ ਮਲਕਾ ਹਾਂਸ ਗਏ ਸਨ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਸੱਯਦ ਵਾਰਿਸ ਸ਼ਾਹ ਜੀ ਦੀ ਉਹ ਮਸੀਤ ਵੇਖੀ ਸੀ, ਜਿਥੇ ਸਾਲ 1180 ਹਿੱਜਰੀ ਵਿੱਚ ਹੀਰ ਦੇ ਕਿੱਸੇ ਦੀ ਰਚਨਾ ਕੀਤੀ ਗਈ ਸੀ।

ਉਨ੍ਹਾਂ (ਡਾਕਟਰ ਜਗਤਾਰ ਨੇ) ਆਪਣੀ ਪਾਕਪਟਨ ਤੇ ਹੜੱਪਾ ਫੇਰੀ ਬਾਰੇ ਵੀ ਦੱਸਿਆ ਤੇ ਮੈਨੂੰ ਮਿਲਣ ਲਈ ਕਿਹਾ। ਇਸ ਤਰ੍ਹਾਂ ਹੀ ਅਨੇਕਾਂ ਹੋਰ ਆਏ ਟੈਲੀਫੋਨਾਂ 'ਚ ਸ. ਗੁਰਪ੍ਰੀਤ ਸਿੰਘ ਤੂਰ ਐ¤ਸ. ਪੀ. ਸਿਟੀ ਜਲੰਧਰ ਨੇ ਵੀ ਮੇਰੇ ਛੱਪੇ ਲੇਖ ਨੂੰ ਪੜ੍ਹ ਕੇ ਮਿਲਣ ਲਈ ਕਿਹਾ ਤੇ ਮੈਨੂੰ ਉਨ੍ਹਾਂ ਨਾਲ ਮਿਲ ਕੇ ਬੜੀ ਤਸੱਲੀ ਹੋਈ ਕਿ ਸਾਹਿਤਕ ਰੂਚੀ ਰੱਖਣ ਵਾਲੇ ਪੁਲਿਸ ਵਿਭਾਗ ਵਿੱਚ ਵੀ ਮੌਜੂਦ ਹਨ। ਪੱਤਰਕਾਰ ਭਾਈਚਾਰੇ ਵਿੱਚੋਂ ਮਲਕਾ ਹਾਂਸ ਸਥਿਤ ਬੇਦੀ ਵੰਸ਼ 'ਚੋਂ ਬਾਬਾ ਮਿਲਾਪ ਦਾਸ ਜੀ ਦੀ ਅੰਸ ਤੇ ਅਜੀਤ ਦੇ ਫਾਜ਼ਿਲਕਾ ਸਥਿਤ ਪੱਤਰ ਪ੍ਰੇਰਕ ਸ. ਗੁਰਸ਼ਰਨ ਸਿੰਘ ਬੇਦੀ ਨੇ ਵੀ ਹੋਰ ਯਾਦਾਂ ਲਿਖਣ ਲਈ ਕਿਹਾ। ਇਸ ਲਈ ਯਾਦਾਂ ਦੀ ਪਿਟਾਰੀ 'ਚੋਂ ਕੁਝ ਹੋਰ ਪਾਠਕਾਂ ਦੀ ਭੇਂਟ ਕਰ ਰਿਹਾ ਹਾਂ। 

ਮੇਰੇ ਬਜ਼ੁਰਗ ਦੱਸਦੇ ਸਨ ਕਿ ਜਦੋਂ ਬਾਰਾਂ ਅਬਾਦ ਹੋਈਆਂ ਤਾਂ ਮਲਕਾ ਹਾਂਸ ਵਿੱਚ ਸਾਨੂੰ 90 ਰੁਪਏ ਵਿੱਚ 90 ਏਕੜ ਜ਼ਮੀਨ ਦਿੱਤੀ ਗਈ ਸੀ ਜਿਸ ਵਿੱਚ ਦੋ ਖੂਹ (ਤਰਖਾਣਾਂ ਵਾਲਾ ਤੇ ਕਾਲ ਵਾਲਾ) ਸਨ ਅਤੇ ਕੁਝ ਹਿੱਸੇ ਨੂੰ ਨਹਿਰੀ ਪਾਣੀ ਦੀ ਵਿਵਸਥਾ ਸੀ। ਇਹ ਹਿੱਸਾ ਨਗਰ ਦਾ ਸਾਡੇ ਬਜ਼ੁਰਗਾਂ ਦਾ ਸੀ ਅਤੇ ਅਰਾਈਂ ਭਾਈਚਾਰੇ ਦੇ ਨਿਵਾਸੀ ਖੇਤੀ ਵਿੱਚ ਸਹਿਯੋਗ ਦਿੰਦੇ ਸਨ। ਇਸ ਅਸਥਾਨ ਨੂੰ ਜਦੋਂ 1947 ਵਿੱਚ 14 ਅਗਸਤ ਨੂੰ ਛੱਡਣਾ ਪਿਆ ਤਾਂ ਕਣਕ ਢਾਈ ਰੁਪਏ ਮਣ ਸੀ, ਦੁੱਧ 5 ਪੈਸੇ ਦਾ ਸੇਰ ਤੇ ਖੰਡ ਇੱਕ ਰੁਪਏ ਦੀ 5 ਕਿੱਲੋ ਅਤੇ ਢਾਈ ਆਨੇ ਗਜ ਕੱਪੜੇ ਵਾਲੀਆਂ ਦੁਕਾਨਾਂ ਵੀ ਬਜ਼ਾਰ ਵਿੱਚ ਸਨ। ਸਰਕਾਰੀ ਡਿਸਪੈਂਸਰੀ ਵਿੱਚ ਇੱਕੋ ਇੱਕ ਡਾਕਟਰ ਹਰ ਮਰਜ਼ ਦੀ ਦਵਾਈ ਦਿੰਦਾ ਸੀ ਅਤੇ ਗੁਰਦੁਆਰੇ ਵਿੱਚ ਬਾਬਾ ਸੰਪੂਰਨ ਸਿੰਘ ਤੇ ਕੁਟੀਆ ਵਿੱਚ ਸੰਤ ਲਾਲ ਸਿੰਘ 5 ਪਤਾਸਿਆਂ ਦੇ ਪ੍ਰਸ਼ਾਦ ਵਿੱਚ ਅੰਮ੍ਰਿਤਧਾਰੇ ਦੀਆਂ ਬੂੰਦਾਂ ਮਿਲਾ ਕੇ ਖਾਣ ਨੂੰ ਦਿੰਦੇ ਸੀ, ਜਦੋਂਕਿ ਚੀਰ-ਫਾੜ ਕਰਨ ਵਾਲੇ ਫੋੜੇ ਨਾਈ ਠੀਕ ਕਰ ਲੈਂਦੇ ਸੀ। ਬਾਬਾ ਮਿਲਾਪ ਦਾਸ ਬੇਦੀ ਦੀ ਸਮਾਧ ਤੇ ਵਿਸਾਖੀ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਸੀ। ਸਾਈਂ ਮਿਹਰ ਸ਼ਾਹ ਦੇ ਦਰਬਾਰ 'ਚੋਂ ਹਰ ਵੀਰਵਾਰ ਨੂੰ 5 ਕਲੰਦਰ (ਮਲੰਗ) ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ 'ਦਮਾ ਦਮ ਮਸਤ ਕਲੰਦਰ' ਕਹਿੰਦੇ ਨਗਰ ਵਿੱਚ ਘੁੰਮਦੇ ਸਨ ਤੇ ਮਾਵਾਂ ਛੋਟੇ ਬੱਚਿਆਂ ਨੂੰ ਘਰ 'ਚ ਹੀ ਰਹਿਣ ਲਈ ਕਹਿੰਦੀਆਂ ਸਨ ਤਾਂ ਕਿ ਉਹ ਡਰ ਨਾ ਜਾਣ।

ਮੈਨੂੰ ਯਾਦ ਹੈ ਕਿ ਜਦੋਂ 13 ਅਗਸਤ ਨੂੰ ਮੇਰੀ ਮਾਤਾ ਜੀ ਨੇ ਇੱਕ ਵਾਰੀ ਘਰ ਜਾਣ ਦੀ ਜਿੱਦ ਕੀਤੀ, ਤਾਂ ਲਾਲਾ ਭਗਵਾਨ ਦਾਸ ਦੇ ਡੇਰੇ ਤੋਂ ਜਿੱਥੇ ਸਾਰਾ ਸਿੱਖ ਭਾਈਚਾਰਾ ਤੇ ਕਾਫੀ ਹਿੰਦੂ ਭਾਈਚਾਰੇ ਦੇ ਲੋਕ ਇਕੱਠੇ ਸਨ, ਮੈਂ ਬਜ਼ੁਰਗਾਂ ਦੀ ਆਗਿਆਂ ਨਾਲ ਹਥਿਆਰ ਫੜੀ ਉਨ੍ਹਾਂ ਨੂੰ ਘਰ ਲੈ ਗਿਆ। ਇਸ ਬਾਰੇ ਜਦੋਂ ਚਰਚਾ ਹੋਈ ਤਾਂ ਸਾਡੀ ਜ਼ਮੀਨ 'ਤੇ ਖੇਤੀ ਨਾਲ ਸਬੰਧਤ ਕੁਝ ਅਰਾਈ ਭਾਈਚਾਰੇ ਦੀਆਂ ਇਸਤਰੀਆਂ ਵੀ ਸਾਨੂੰ ਮਿਲਣ ਆਈਆਂ ਤੇ ਸਾਡੀ ਮਾਤਾ ਨੇ ਉਨ੍ਹਾਂ ਨੂੰ ਘਰ ਦੀਆਂ ਚਾਬੀਆਂ ਫੜਾਂਦਿਆਂ ਕਿਹਾ, 'ਜੀਂਦੇ ਰਹੇ ਤਾਂ ਲੈ ਲਵਾਂਗੇ, ਹੁਣ ਇਹ ਸਭ ਕੁਝ ਤੁਹਾਡਾ ਹੈ। ਸਾਡੇ ਡੇਰੇ 'ਚੋਂ ਪਸ਼ੂ ਖੋਲ੍ਹ ਲੈਣੇ ਤੇ ਉਨ੍ਹਾਂ ਦੀ ਦੇਖ ਭਾਲ ਕਰਨੀ।'' ਉਸ ਮੌਕੇ ਅਸੀਂ ਸਭ ਰੋਣ ਹੱਕੇ ਸੀ ਤੇ 5 ਮਿੰਟ ਪਿੱਛੋਂ ਹੀ ਅਸੀਂ ਮਾਂ-ਪੁੱਤਰ ਘਰ 'ਚੋਂ ਫਿਰ ਆਪਣੇ ਬਜ਼ੁਰਗਾਂ ਕੋਲ ਆ ਗਏ। ਸਾਰਾ ਬਜ਼ਾਰ ਬੰਦ ਪਿਆ ਸੀ ਤੇ ਰਾਹ ਵਿੱਚ ਟਾਵਾਂ-ਟਾਵਾਂ ਹੀ ਕੋਈ ਸਾਨੂੰ ਦਿਸਿਆ।

ਕਾਫੀ ਟੈਲੀਫੋਨ ਕਰਨ ਵਾਲਿਆਂ ਨੇ ਮੈਨੂੰ ਜਦੋਂ ਭਾਗਭਰੀ ਬਾਰੇ ਪੁੱਛਿਆ ਕਿ ਉਹ ਕੌਣ ਸੀ? ਤੇ ਉਸ ਨੂੰ ਕਿੱਥੇ ਦਫਨਾਇਆ ਗਿਆ ਸੀ?

ਤਾਂ ਆਪਣੀ ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਸੱਯਦ ਵਾਰਿਸ ਸ਼ਾਹ ਨੂੰ ਉਨ੍ਹਾਂ ਦੇ ਪੀਰੋ-ਮੁਰਸ਼ਦ ਬਾਬਾ ਮਖਦੂਮ ਨੇ ਮਲਕਾ ਹਾਂਸ ਇਹ ਕਹਿ ਕੇ ਭੇਜਿਆ ਕਿ ਉਥੇ ਗਾਇਕੀ ਦੇ ਕਦਰਦਾਨ ਮੌਜੂਦ ਹਨ, ਤਾਂ ਉਸ ਵੇਲੇ ਦੇ ਚੌਧਰੀ ਮਾਲਿਕ ਦੀ ਧੀ ਭਾਗਭਰੀ ਦੇ ਜਿੰਮੇ (ਹੁਣ ਵਾਰਿਸ ਸ਼ਾਹ ਦੀ ਮਸੀਤ ਵਜੋਂ ਪ੍ਰਸਿੱਧ ਹੋਈ ਮਸੀਤ) ਵਿਖੇ ਰੋਟੀ ਪਾਣੀ ਪਹੁੰਚਾਉਣ ਦੀ ਜ਼ਿੰਮੇਵਾਰੀ ਲੱਗੀ ਸੀ। ਜਿਸ ਦੌਰਾਨ ਹੋਏ ਪਿਆਰ ਦੇ ਸਿੱਟੇ ਵਜੋਂ ਹੀਰ ਦੀ ਰਚਨਾ ਹੋਈ ਤੇ ਉਹ ਰਾਂਝੇ ਤੋਂ ਵਾਰਿਸ ਦੀ ਹੋ ਗਈ -

ਕਤਰਾ ਮਿਲਾ ਸਮੁੰਦਰ ਸੇ, ਸਮੁੰਦਰ ਹੋ ਗਿਆ।

ਆਸ਼ਿਕ ਮਿਲਾ ਖੁਦਾ ਸੇ, ਤੋ ਕਲੰਦਰ ਹੋ ਗਿਆ।

ਮਲਕਾ ਹਾਂਸ ਵਿਖੇ ਪਰਨਾਮੀਆਂ ਦੀ ਸਰ੍ਹਾਂ ਜਿੱਥੇ ਮੇਲੇ ਦੌਰਾਨ ਯਾਤਰੀ ਠਹਿਰਦੇ ਸਨ, ਵੰਡ ਤੋਂ ਕੁਝ ਸਮਾਂ ਪਹਿਲਾਂ ਰਾਧਾ ਸੁਆਮੀ ਸਤਿਸੰਗ ਹੋਇਆ ਜਿਸ ਵਿੱਚ ਕਈ ਦਿਨ ਸ੍ਰੀ ਬਾਬਾ ਸਾਵਣ ਸਿੰਘ ਜੀ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਤੋਂ ਕਥਾ ਕੀਤੀ, ਜਿਸ ਪਿੱਛੋਂ ਨਗਰ ਦੇ ਡਾ. ਤੀਰਥ ਰਾਮ ਤੇ ਕਈ ਹੋਰਾਂ ਨੇ ਇਹ ਸਤਿਸੰਗ ਵਿਧੀ ਅਪਣਾਈ ਰੱਖੀ।

ਕੁਝ ਸੱਜਣਾਂ ਨੇ ਮੈਥੋਂ ਪੁੱਛ ਕੀਤੀ ਸੀ ਕਿ ਤੁਸੀਂ ਮਲਕਾ ਹਾਂਸ ਤੋਂ ਕੀ ਲੈ ਕੇ ਆਏ ਸੀ ਤੇ ਬਾਕੀ ਜੋ ਉਥੇ ਰਹਿ ਗਏ ਉਨ੍ਹਾਂ ਦਾ ਕੀ ਬਣਿਆ? ਤੇ ਮੇਰਾ ਉ¤ਤਰ ਸੀ ਕਿ ਅਸੀਂ ਆਪਣਾ ਧਰਮ ਬਚਾ ਕੇ ਲੈ ਆਏ ਤੇ ਜੋ ਰਹਿ ਗਏ (ਪਿੱਛੋਂ ਮਿਲੀ ਜਾਣਕਾਰੀ ਅਨੁਸਾਰ), ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰ ਦਿੱਤਾ ਗਿਆ।

ਮਲਕਾ ਹਾਂਸ ਤੋਂ ਪੈਦਲ ਫਾਜ਼ਿਲਕਾ ਆਉਣ ਦੌਰਾਨ ਮੇਰੀ ਨਾਨੀ ਜੀ ਦੀ ਇੱਕ ਪੜਾਅ 'ਤੇ ਪੁੱਜ ਕੇ ਸਿਹਤ ਖਰਾਬ ਹੋ ਗਈ ਸੀ ਤਾਂ ਸਾਡੇ ਨਾਨਾਂ ਬਾਬਾ ਗੁਰਦਿੱਤ ਸਿੰਘ ਜੀ ਨੇ ਉਸ ਨੂੰ ਇੱਕ ਨਹਿਰ ਵਿੱਚ ਸੁੱਟ ਦੇਣ ਲਈ ਕਿਹਾ। ਪਰ ਸਾਡੀ ਮਾਤਾ ਜੀ ਨਹੀਂ ਮੰਨੇ ਤਾਂ ਅਸੀਂ ਨਾਨੀ ਜੀ ਤੇ ਇੱਕ ਕੱਪੜਾ ਪਾ ਕੇ ਦਰੱਖਤਾਂ ਦੀ ਛਾਵੇਂ ਲਿਟਾ ਦਿੱਤਾ ਤੇ ਆਪ ਅਗਲੇ ਪੜਾਅ ਵੱਲ ਕਾਫਲੇ ਨਾਲ ਚੱਲ ਪਏ। ਉਸ ਰਾਤ ਅਸੀਂ ਫੌਜੀਆਂ ਨੂੰ ਮਿੰਨਤ ਕੀਤੀ ਕਿ ਟਰੱਕ ਵਿੱਚ ਜਾ ਕੇ ਨਾਨੀ ਜੀ ਨੂੰ ਲੈ ਆਓ, ਪਰ ਉਹ ਨਹੀਂ ਮੰਨੇ। ਅਗਲੇ ਦਿਨ ਜਦੋਂ 15 ਅਗਸਤ ਨੂੰ ਅਸੀਂ ਫਾਜ਼ਿਲਕਾ ਜ਼ਿਲ੍ਹਾ ਫਿਰੋਜ਼ਪੁਰ ਪਹੁੰਚੇ ਤਾਂ ਉਥੇ ਲੱਗੇ ਕੈਂਪ ਵਿੱਚ ਸਾਡੇ ਨਾਨੀ ਜੀ ਬੈਠੇ ਮਿਲੇ। ਉਨ੍ਹਾਂ ਦੱਸਿਆ ਕਿ ਕਾਫਲੇ ਵਿੱਚ ਸ਼ਾਮਲ ਇੱਕ ਗੱਡੇ ਵਾਲੇ ਨੇ ਉਸ ਨੂੰ ਚੁੱਕ ਕੇ ਗੱਡੇ ਵਿੱਚ ਪਾ ਲਿਆ ਤੇ ਇੱਥੇ ਲੈ ਆਏ। ਸਾਡੇ ਨਾਨੀ ਜੀ ਦੇਸ਼ ਦੀ ਵੰਡ ਤੋਂ 2 ਦਹਾਕੇ ਪਿੱਛੋਂ ਜਲੰਧਰ ਵਿੱਚ ਸਵਰਗਵਾਸ ਹੋ ਗਏ ਸਨ। 

ਨਕੋਦਰ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਵਿੱਚ ਦੋ ਸਾਲ ਪਹਿਲਾਂ ਭਾਰਤ ਪਾਕਿਸਤਾਨ ਕਬੱਡੀ ਟੀਮਾਂ ਦਾ ਸ਼ਾਨਦਾਰ ਮੈਚ ਹੋਇਆ। ਉਸ ਮੌਕੇ 'ਤੇ ਉਨ੍ਹਾਂ 'ਚ ਮਲਕਾ ਹਾਂਸ ਤੋਂ ਆਏ ਇੱਕ ਖਿਡਾਰੀ ਨੇ ਦੱਸਿਆ ਕਿ ਹੁਣ ਇਹ ਨਗਰ ਸਬ ਤਹਿਸੀਲ ਬਣ ਗਿਆ ਹੈ ਤੇ ਪਾਕਪਟਨ ਨੂੰ ਜ਼ਿਲ੍ਹਾ ਬਣਾ ਦਿੱਤਾ ਗਿਆ। ਹੁਣ ਉਥੇ ਬਿਜਲੀ ਵੀ ਹੈ ਤੇ ਹਾਈ ਸਕੂਲ ਵੀ ਅਤੇ ਉਨ੍ਹਾਂ ਹੋਰ ਦੱਸਿਆ ਕਿ ਭਾਰਤ ਤੋਂ ਗਈ ਕਬੱਡੀ ਟੀਮ ਵਿੱਚ ਜਿਸ ਨਕੋਦਰ ਦੇ ਡੀ. ਪੀ. ਈ. ਸ਼੍ਰੀ ਬਲਕਾਰ ਸਿੰਘ ਵੀ ਸਨ, ਨੂੰ ਉਨ੍ਹਾਂ ਮਲਕਾ ਹਾਂਸ ਦੀ ਯਾਤਰਾ ਕਰਵਾਈ ਸੀ ਅਤੇ ਬਲਕਾਰ ਸਿੰਘ ਕੋਲ ਤਸਵੀਰਾਂ ਵੇਖ ਕੇ ਕਈ ਯਾਦਾਂ ਤਾਜ਼ਾ ਹੋ ਗਈਆਂ।

-ਗੁਰਦੀਪ ਸਿੰਘ ਪਾਪੀ

98144-20723
http://doabaheadlines.co.in/story/2332

No comments: